ਲੁਧਿਆਣਾ ( ਜਸਟਿਸ ਨਿਊਜ਼)
– ਪੈਨਸ਼ਨਰਾਂ ਦੇ ਡਿਜਿਟਲ ਲਾਈਫ ਸਰਟੀਫਿਕੇਟ ਅਤੇ ਈ-ਕੇ.ਵਾਈ.ਸੀ. ਪ੍ਰਕਿਰਿਆ ਮੁਕੰਮਲ ਕਰਨ ਵਿੱਚ, ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਲੁਧਿਆਣਾ ਵੱਡੀ ਮੱਲ੍ਹ ਮਾਰਦਿਆਂ ਸੂਬੇ ਭਰ ਦੇ ਜ਼ਿਲਿਆਂ ਵਿੱਚੋਂ ਅੱਵਲ ਰਿਹਾ ਹੈ।
ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਉਪਨੀਤ ਸਿੰਘ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਦਫਤਰ ਦੇ ਸਮੂਹ ਸਟਾਫ, ਉਪ ਖਜ਼ਾਨਾ ਦਫਤਰਾਂ ਦੇ ਸਾਥੀਆਂ, ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਇੰਡੀਆ, ਯੂਕੋ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਕੈਨੇਰਾ ਬੈਂਕ, ਸੈਂਟਰਲ ਬੈਂਕ ਆਫ ਇੰਡੀਆ ਅਤੇ ਇੰਡੀਅਨ ਓਵਰਸੀਜ਼ ਬੈਂਕ ਦੇ ਸਿਰ ਬੰਨ੍ਹਿਆ ਹੈ ਜਿਨ੍ਹਾਂ ਤਿੰਨ ਦਿਨਾਂ “ਪੈਨਸ਼ਨਰ ਸੇਵਾ ਮੇਲੇ” ਦੌਰਾਨ ਆਪਣੀ ਜਿੰਮੇਵਾਰੀ ਬਿਨ੍ਹਾਂ ਅੱਕੇ, ਥੱਕੇ ਪੂਰੀ ਤਨਦੇਹੀ ਨਾਲ ਨਿਭਾਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀ ਸੇਵਾ ਲਈ ਚਲਾਏ ਗਏ ਪੈਨਸ਼ਨ ਸੇਵਾ ਪੋਰਟਲ ਰਾਹੀਂ ਪੈਨਸ਼ਨਰਾਂ ਦੀ ਈ-ਕੇ.ਵਾਈ.ਸੀ. ਅਤੇ ਜੀਵਨ ਪ੍ਰਮਾਣ ਰਾਹੀਂ ਡਿਜਿਟਲ ਲਾਈਫ ਸਰਟੀਫਿਕੇਟ ਦੀ ਪ੍ਰਕਿਰਿਆ ਮੁਕੰਮਲ ਕਰਵਾਉਣ ਹਿੱਤ ਵਿੱਤ ਵਿਭਾਗ, ਪੰਜਾਬ ਵੱਲੋਂ ਸੂਬੇ ਭਰ ਦੇ ਜ਼ਿਲ੍ਹਾ ਖਜ਼ਾਨਾ ਦਫਤਰਾਂ ਵਿਖੇ ਮਿਤੀ 13, 14 ਅਤੇ 15 ਨਵੰਬਰ ਤੱਕ “ਪੈਨਸ਼ਨਰ ਸੇਵਾ ਮੇਲੇ” ਦਾ ਆਯੋਜਨ ਕੀਤਾ ਗਿਆ ਸੀ ਜਿੱਥੇ ਪੈਨਸ਼ਨਰਾਂ ਦੇ ਡਿਜਿਟਲ ਲਾਈਫ ਸਰਟੀਫਿਕੇਟ ਅਤੇ ਈ-ਕੇ.ਵਾਈ.ਸੀ. ਪ੍ਰਕਿਰਿਆ ਮੁਕੰਮਲ ਕਰਵਾਈ ਗਈ।
ਜ਼ਿਲ੍ਹਾ ਖਜ਼ਾਨਾ ਅਫ਼ਸਰ ਵੱਲੋਂ ਸਿਵਲ ਸਰਜਨ ਦਫਤਰ ਲੁਧਿਆਣਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਨ੍ਹਾਂ ਪੈਨਸ਼ਨਰਾਂ ਦੀ ਸੇਵਾ ਲਈ ਫਸਟ ਏਡ ਟੀਮ ਦਾ ਕਾਊਂਟਰ ਸਥਾਪਿਤ ਕੀਤਾ ਸੀ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੇਲੇ ਤੋਂ ਬਾਅਦ ਵੀ ਜ਼ਿਲ੍ਹਾ ਖਜ਼ਾਨਾ ਦਫਤਰ, ਉਪ ਖਜ਼ਾਨਾ ਦਫਤਰਾਂ ਅਤੇ ਸਮੂਹ ਬੈਂਕਾਂ ਵਿੱਚ ਈ-ਕੇ.ਵਾਈ.ਸੀ. ਅਤੇ ਜੀਵਨ ਪ੍ਰਮਾਣ ਰਾਹੀਂ ਡਿਜਿਟਲ ਲਾਈਫ ਸਰਟੀਫਿਕੇਟ ਦੀ ਪ੍ਰਕਿਰਿਆ ਜਾਰੀ ਰਹੇਗੀ। ਉਹਨਾਂ ਪੈਨਸ਼ਨਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਨਜਦੀਕੀ ਬੈਂਕ, ਦਫ਼ਤਰ ਵਿਚ ਜਾ ਕੇ ਆਪਣੀ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਵਾਉਣਾ ਯਕੀਨੀ ਬਣਾਉਣ।
ਅਖੀਰ ਵਿੱਚ, ਜ਼ਿਲ੍ਹਾ ਖਜ਼ਾਨਾ ਅਫਸਰ, ਲੁਧਿਆਣਾ ਉਪਨੀਤ ਸਿੰਘ ਵੱਲੋਂ ਇਸ ਮੇਲੇ ਨੂੰ ਸਫਲ ਬਣਾਉਣ ਲਈ ਸਮੂਹ ਸਟਾਫ, ਸਮੂਹ ਬੈਂਕਾਂ, ਪੈਨਸ਼ਨਰ ਯੂਨੀਅਨ ਦੇ ਆਗੂਆਂ ਅਤੇ ਪੈਨਸ਼ਨ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਪੈਨਸ਼ਨਰਾਂ ਦਾ ਵੀ ਧੰਨਵਾਦ ਕੀਤਾ।
Leave a Reply